ਆਸ਼ਾਵਾਦ ਦਾ ਨਵੀਨੀਕਰਨ
===============
—————————————————————————
ਇਸ ਲੇਖ ਦੇ ਪੰਜਾਬੀ/ਗੁਰਮੁਖੀ ਅਨੁਵਾਦਕ ਨੇ ਅਰਵਿੰਦਰ ਸਿੰਘ ਕੰਗ, ਜੋ ਕਿ ਵੇਹੜ੍ਹਾ ਮੈਗਜ਼ੀਨ (http://pa.vehdaa.com) ਦੇ ਐਡੀਟਰ ਹਨ। ਕੁਝ ਵੀ ਪੁੱਛਣ ਲਈ ਤੁਸੀਂ ਟਵਿੱਟਰ ਤੇ ਸੰਪਰਕ ਕਰ ਸਕਦੇ ਹੋ http://twitter.com/askang
—————————————————————————
ਜੇਕਰ ਤੁਸੀਂ ਵਿਸਕੌਨਸਿਨ ਵਿੱਚ ਓਕ ਕਰੀਕ ਦੇ ਸਿੱਖ ਮੰਦਰ ਵਿੱਚ ਐਤਵਾਰ ਬਾਅਦ ਦੁਪਿਹਰ ਪਹੁੰਚੋ ਤਾਂ ਪਾਰਕਿੰਗ ਵਿੱਚ ਤੁਹਾਨੂੰ ਇਕ ਸਿਕੁਓਰਟੀ ਗਾਰਡ ਦਿਖੇਗਾ। ਸ਼ਰਧਾਲੂਆਂ ਦੀਆਂ ਕਾਰਾਂ ਬਚੀਆਂ-ਖੁਚੀਆਂ ਜਗਾਹਾਂ ਵਿੱਚ ਪਾਰਕ ਹੋ ਰਹੀਆਂ ਹਨ। ਲੰਬੀਆਂ ਦਾੜ੍ਹੀਆਂ ਤੇ ਖਿੜ੍ਹੀਆਂ ਪੱਗਾਂ ਵਾਲੇ ਬੰਦੇ ਅਤੇ ਉਡਦੇ ਦੁਪੱਟਿਆਂ ਵਾਲੀਆਂ ਔਰਤਾਂ ਤੁਰੀਆਂ ਆ ਰਹੀਆਂ ਹਨ ਇਕ ਅਜਿਹੇ ਸਥਾਨ ਵੱਲ ਜੋ ਉਤਰੀ ਭਾਰਤ ਦੇ ਇਕ ਸੂਬੇ, ਪੰਜਾਬ ਤੋਂ ਆਏ ਵਸਨੀਕਾਂ ਦਾ ਧਰਮ ਅਸਥਾਨ ਤੇ ਸਮਾਜਿਕ ਕੇਂਦਰ ਬਣ ਗਿਆ ਹੈ।
ਉਹ ਸ਼ੀਸ਼ੇ ਦੇ ਬਣੇ ਦਰਵਾਜਿਆਂ ਰਾਹੀਂ ਅੰਦਰ ਵੜਦੇ ਹਨ। ਇਹ ਚਾਰਾਂ ਵਿਚੋਂ ਇਕ ਦਰਵਾਜਾ ਹੈ ਜੋ ਕਿ ਹਰ ਇਕ ਸਿੱਖ ਮੰਦਰ, ਜਿਸ ਨੂੰ ਗੁਰਦੁਆਰਾ ਕਹਿੰਦੇ ਹਨ, ਵਿੱਚ ਉਤਰ, ਪੂਰਬ, ਦੱਖਣ, ਪੱਛਮ ਤੋਂ ਆਏ ਹਰ ਇਕ ਨੂੰ ਬਰਾਬਰਤਾ ਦਾ ਦਰਜਾ ਦੇਂਦਾ ਹੈ।
ਹਲਕੀ ਲਾਲ ਇਟਾਂ ਦੀ ਇਹ ਬਿਲਡਿੰਗ ਵਿੱਚ ਸਿਕੁਓਰਟੀ ਗਾਰਡ ਦੀ ਹੋਂਦ ਤੋਂ ਬਿਨਾ ਕੋਈ ਅੰਦਾਜਾ ਨਹੀਂ ਲਗਾ ਸਕਦਾ ਕਿ ਅਗਸਤ ੫, ੨੦੧੨ ਨੂੰ ਇਕ ਨਸਲਵਾਦੀ ਗੋਰੇ ਵੇਡ ਮਾਇਕਲ ਪੇਜ ਨੇ ਅਚਨਚੇਤ ਇਕੱਠੀ ਹੋਈ ਸੰਗਤ ਤੇ ਗੋਲੀਆਂ ਚਲਾਈਆਂ ਜਿਸ ਵਿੱਚ ਗੁਰਦੁਆਰਾ ਪ੍ਰਧਾਨ ਤੋਂ ਬਿਨਾ ਛੇ ਲੋਕਾਂ ਦੀ ਜਾਨ ਗਈ ਅਤੇ ਖੁਦ ਨੂੰ ਮਾਰਨ ਤੋ ਪਹਿਲਾਂ ਓਹ ਤਿਨ ਹੋਰਾਂ ਨੂੰ ਜਖਮੀ ਕਰ ਗਿਆ ਸੀ। ਉਹਨਾਂ ਵਿਛੜੀਆਂ ਜਾਨਾਂ ਦੀਆਂ ਤਸਵੀਰਾਂ ਖੱਬੀ ਕੰਧ ਉਤੇ ਟੰਗੀਆਂ ਹਨ ਜਿਸ ਦੇ ਲਾਗੇ ਸੰਗਤ ਇਕ ਦੂਜੇ ਨੂੰ ਮਿਲ ਰਹੀ ਹੈ।
ਹਰਪ੍ੀਤ ਸਿੰਘ ੧੯੯੭ ਤੋਂ ਗੁਰਦੁਆਰੇ ਦਾ ਹਿੱਸਾ ਰਿਹਾ ਹੈ। ਭਾਵੇਂ ਕਿ ਓਹ ਸ਼ਿਕਾਗੋ ਰਹਿੰਦਾ ਹੈ, ਹਰ ਐਤਵਾਰ ਗੱਡੀ ਚਲਾ ਕੇ ਓਕ ਕਰੀਕ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਓਂਦਾ ਹੈ। ਅੱਜ ਐਤਵਾਰ ਤੜਕੇ ਓਹ ਚੌਕੜੀ ਮਾਰ ਦਸਾਂ ਵਿਚੋਂਂ ਇਕ ਕਤਾਰ ਵਿੱਚ ਬੁਣੀ ਹੋਈ ਦਰੀ ਤੇ ਉਸ ਹਾਲ ਵਿੱਚ ਬੈਠਾ ਹੈ, ਜਿਥੇ ਸੰਗਤ ਲੰਗਰ ਦੀ ਸੇਵਾ ਕਰਦਿਆਂ ਦੁੱਖ ਸੁੱਖ ਫੋਲਦੀ ਹੈ। ਮੂਹਰੇ ਪਈ ਪੇਪਰ ਪਲੇਟ ਤੇ ਭਾਫ ਉਡਦੀ ਚਾਹ ਦੇ ਕੱਪ ਨੂੰ ਫੜੀ ਬੈਠਾ ਉਹ ਦੱਸਦਾ ਹੈ ਕਿ ਕਈਆਂ ਨੇ ਉਸ ਘਟਨਾ ਤੋਂ ਬਾਅਦ ਡਰ ਨਾਲ ਗੁਰਦੁਆਰੇ ਆਓਣਾ ਛੱਡ ਦਿੱਤਾ ਹੈ।
ਜਸਵਿੰਦਰ ਸਿੰਘ ਦੱਸਦਾ ਹੈ ਕਿ ਸੰਗਤ ਵਿੱਚ ਕਈਆਂ ਤੇ – ਖਾਸ ਕਰਕੇ ਓਹ ਜੋ ਗੋਲੀਬਾਰੀ ਵੇਲੇ ਓਥੇ ਸਨ – ਵਿੱਚ ਘਟਨਾ ਦੇ ਬਾਅਦ ਦੇ ਸਦਮੇ ਦੇ ਨਿਸ਼ਾਨ ਸਾਫ ਦਿਸਦੇ ਹਨ। ਇਕ ਨਿਓਰੋਸਾਇਕੌਲੋਜਿਸਟ (ਦਿਮਾਗੀ ਡਾਕਟਰ) ਨੇ ਹਰ ਹਫਤੇ ਇੰਡੀਆਨਾ ਤੋਂਂ ਸੰਗਤ ਦੀ ਦੇਖਭਾਲ ਲਈ ਆਓਣਾ ਸ਼ੁਰੂ ਕਰ ਦਿੱਤਾ ਹੈ। ਕਈ ਡਾਕਟਰ ਜਿੰਨਾਂ ਇਸ ਘਟਨਾ ਦੌਰਾਨ ਅਾਪਣੀਆਂ ਸੇਵਾਵਾਂ ਮੁਫਤ ਪੇਸ਼ ਕੀਤੀਆਂ ਹਨ, ਵਿਚੋਂ ਓਹ ਇਕ ਹੈ।
ਹੁਣ, ਘਟਨਾ ਤੋਂ ਸਿਰਫ ਦੋ ਮਹੀਨੇ ਬਾਅਦ, ਗੁਰਦੁਆਰੇ ਦੁਆਲੇ ਛੋਟੇ ਬੱਚੇ ਦੌੜੇ ਫਿਰਦੇ ਅਤੇ ਛੂਹਣ-੨ ਖੇਡਦੇ ਚਹਿਕ ਰਹੇ ਹਨ। ਬਾਰੀ ਵਿੱਚੋਂ ਆਉਂਦੀ ਰੌਸ਼ਨੀ ਪੱਥਰ ਦੇ ਫਰਸ਼ ਤੇ ਪੈ ਰਹੀ ਹੈ। ਏਸੇ ਸਮੇਂ ਚਾਰ ਪੰਜ ਵਡੇਰੇ ਖੁੱਲੇ ਹਾਲ ਵਿੱਚ ਗੱਲਾਂ ਕਰਣ ਲਈ ਇਕੱਠੇ ਹੋ ਰਹੇ ਹਨ। ਪੰਜਾਬੀ ਅਤੇ ਅੰਗਰੇਜ਼ੀ ਆਪਸ ਵਿੱਚ ਘੁਲ ਮਿਲ ਰਹੀ ਹੈ ਅਤੇ ਗੱਲਾਂ ਵਿਚਲੀ ਚੁੱਪੀ ਵਿੱਚੋਂ ਗੁਰਦੁਆਰੇ ਦੇ ਸਪੀਕਰ ਵਿੱਚੋਂ ਨਿਕਲ ਰਹੀਆਂ ਕੀਰਤਨ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਹਨ। ਇਸ ਘਟਨਾ ਦੇ ਬਾਵਜੂਦ ਸੰਗਤ ਚੜ੍ਹਦੀ ਕਲਾ ਵਿੱਚ ਹੈ।
ਜਸਵਿੰਦਰ ਸਿੰਘ ਕਹਿੰਦਾ ਹੈ “ਜੇ ਤੁਸੀਂ ਸਾਡੀ ਕੌਮ ਨੂੰ ਜਾਣਦੇ ਹੋ, ਤਾਂ ਓਹ ਇਸ ਘਟਨਾ ਨੂੰ ਪਿਛਾਂਹ ਛੱਡ ਦੇਣਗੇ। ਸਾਡੀ ਕੌਮ ਇਸ ਘਟਨਾ ਨੂੰ ਸਦਾ ਫੜੀ ਨਹੀਂ ਰੱਖੇਗੀ। ਅਜਿਹਾ ਇਕ ਨਾ-ਮੰਨਣਯੋਗ ਕੰਮ ਹੋਵੇਗਾ। ਗੁਰਬਾਣੀ ਕਹਿੰਦੀ ਹੈ ਅੱਜ ਜੋ ਹੋਣਾ ਸੀ ਹੋਇਆ ਭਾਣਾ ਮੰਨੋ ਤੇ ਅੱਗੇ ਵਧੋ।”
ਬਹੁਤਾਂ ਨੇ ਸਿੱਖ ਧਰਮ ਦੇ ਮੂਲ ਅਸੂਲਾਂ, ਖਾਸ ਕਰਕੇ ਸੇਵਾ ਵੱਲ ਸੇਧ ਲਈ ਰੁੱਖ ਕੀਤਾ ਹੈ। ਗੁਰਦੁਆਰੇ ਅੰਦਰ ਸਿੱਖੀ ਨਾਲ ਮੁੜ ਜੁੜਨ ਦਾ ਰੁਝਾਨ ਹੈ ਪਰ ਨਾਲ ਦੀ ਨਾਲ ਮਿਲਵਾਕੀ ਅਤੇ ਅਮਰੀਕਾ ਵਿੱਚਲੇ ਹਲਾਤਾਂ ਨੂੰ ਵਧੀਆ ਮੋੜ ਦੇਣ ਤੇ ਉਤਰਪ੍ਰੇਰਕ ਬਣਨ ਦੀ ਚਾਹਤ ਵੀ ਹੈ ਤਾਂ ਕਿ ਓਹ ਜਾਂ ਕੋਈ ਵੀ ਹੋਰ ਘੱਟ ਗਿਣਤੀ ਭੇਦ ਭਾਵ ਜਾਂ ਹਿੰਸਾ ਦਾ ਸ਼ਿਕਾਰ ਨਾ ਹੋ ਕੇ, ਅਪਣਾਏ ਜਾਣ ਤੇ ਅਮਰੀਕਾ ਦੇ ਗੁੰਝਲਦਾਰ ਰਿਸ਼ਤਿਆਂ ਦੀ ਇਕ ਹੋਂਦ ਵਜੋਂ ਪਛਾਣੇ ਜਾਣ।
ਪਰਦੀਪ ਕਾਲੇਕਾ, ਜੋ ਕਿ ਮਾਰੇ ਗਏ ਪੂਰਵ-ਪਰਧਾਨ ਸਤਵੰਤ ਸਿੰਘ ਕਾਲੇਕਾ ਦਾ ਪੁੱਤਰ ਹੈ ਕਹਿੰਦਾ ਹੈ, “ਜ਼ਿੰਦਗੀ ਨੂੰ ਅੱਗੇ ਵਧਣਾ ਪਵੇਗਾ। ਚੜ੍ਹਦੀ ਕਲਾ ਦਾ ਇਹੀ ਮਤਲਬ ਹੈ ਕਿ ਅੱਗੇ ਵੱਲ ਹੀ ਵੇਖੋ।”
“ਮੈਂ ਆਪਣੇ ਪਿਤਾ ਨੂੰ ਭੁੱਲ ਨਹੀਂ ਸਕਦਾ, ਪਰ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਜੋ ਮਾਰੇ ਗਏ ਉਹਨਾਂ ਦੀਆਂ ਮੌਤਾਂ ਅਜਾਈਂ ਨਾ ਜਾਣ। ਚੜ੍ਹਦੀ ਕਲਾ ਦਾ ਇਹੀ ਭਾਵ ਹੈ, ਕੁਝ ਛੇਤੀ ਕਰਨ ਦਾ ਜਜ਼ਬਾ। ਆਓ ਇਸ ਤੋਂ ਕੁਝ ਸੁਹਿਰਦ ਬਣਾਈਏ – ਇਸ ਤਰਾਂ ਦਾ ਜਿਸ ਨੂੰ ਲੋਕ ਦੇਰ ਤੱਕ ਯਾਦ ਰੱਖਣ।”
“ਮੈਨੂੰ ਲਗਦਾ ਹੈ ਇਹ ਸਭ ਇਸ ਲਈ ਹੋਇਆ ਤਾਂ ਜੋ ਅਸੀਂ ਆਤਮ ਨਿਰੀਖਣ ਕਰ ਸਕੀਏ”
ਗੁਰਦੁਆਰੇ ਦੇ ਅੰਦਰ ਕਈਆਂ ਲਈ ਇਸ ਹਮਲੇ ਨੇ ਉਹਨਾਂ ਦੇ ਧਰਮ ਤੇ ਉਹਨਾਂ ਦੇ ਸਿੱਖ ਕੌਮ ਵਿੱਚਲੇ ਰੋਲ ਨੂੰ ਫਿਰ ਤੋਂ ਨਿਰੀਖਣ ਕਰਣ ਲਈ ਪ੍ਰੇਰਿਤ ਕੀਤਾ ਹੈ।
ਸ਼ਾਂਤੀ ਨਾਲ ਦੋਹੀਂ ਹੱਥ ਜੋੜ ਕੇ ਝੋਲੀ ਵਿੱਚ ਰੱਖੀਂ ਮਨਮਿੰਦਰ ਸੇਠੀ ਆਪਣੇ ਗੁਰਦੁਆਰੇ ਵਿਚਲੇ ਘਰ ਵਿੱਚ ਬੈਠਾ ਹੈ, ਜਿੱਥੇ ਉਹ ਹਰ ਰੋਜ਼ ਦੋ ਵਾਰ ਆਉਂਦਾ ਹੈ। ਖਿੜ੍ਹੀ ਸੰਤਰੀ ਪੱਗ ਸਿਰ ਤੇ ਅਤੇ ਸੱਜੀ ਵੀਣੀ ਵਿੱਚ ਲੋਹੇ ਦਾ ਕੜਾ ਹੈ। ਕੜਾ ਸਿੱਖੀ ਦੇ ਪੰਜ ਕਕਾਰਾਂ ਵਿੱਚੋਂ ਇਕ ਹੈ ਜੋ ਸਿੱਖ ਅਸੂਲਾਂ ਦਾ ਸੂਚਕ ਹੈ। ਸੇਠੀ ਸੁੰਨ ਪਏ ਲੰਗਰ ਹਾਲ ਵਿੱਚ ਇਕ ਮੁੜਨ ਵਾਲੀ ਕੁਰਸੀ ਤੇ ਮੋਢੇ ਤਾਣੀ ਪੂਰੇ ਆਤਮ ਵਿਸ਼ਵਾਸ ਨਾਲ ਬੈਠਾ ਹੈ, ਜਿੱਥੇ ਕੁੱਝ ਘੰਟੇ ਪਹਿਲਾਂ ਸੰਗਤਾਂ ਲੰਗਰ ਸ਼ਕ ਰਹੀਆਂ ਸਨ।
“ਮੈਨੂੰ ਲਗਦਾ ਹੈ ਇਹ ਸਾਨੂੰ ਇਹ ਸਾਨੂੰ ਸਵੈ-ਪੜਚੋਲ ਕਰਣ ਲਈ ਹੋਇਆ”, ਉਹ ਆਖਦਾ ਹੈ। “ਮੈਂ ਇਹ ਸੋਚਦਾ ਹਾਂ ਇਸ ਘਟਨਾ ਨੇ ਸਾਨੂੰ ਅੰਦਰ ਝਾਕ ਮਾਰਣ ਦਾ ਮੌਕਾ ਦਿੱਤਾ ਹੈ ਕਿ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਰਹੇ ਹਾਂ। ਤਾਂ ਹੀ ਮੈਨੂੰ ਤੁਹਾਨੂੰ ਦੱਸਣ ਦਾ ਹੱਕ ਹੈ। ਜੇ ਮੈਂ ਹੀ ਨਹੀਂ ਜਾਣਦਾ, ਮੈਂ ਤੁਹਾਨੂੰ ਕੀ ਦਸ ਸਕਾਂਗਾ।”
ਉਹ ਦੱਸਦਾ ਹੈ ਕਿ “ਟੈਂਪਲ (ਮੰਦਿਰ)” ਸ਼ਬਦ ਤੋਂ ਗੁਰਦੁਆਰਾ ਨਹੀਂ ਸਮਝਿਆ ਜਾ ਸਕਦਾ। ਗੁਰਦੁਆਰੇ ਦਾ ਮਤਲਬ ਹੈ “ਗੁਰੂ ਦਾ ਦੁਆਰ”। ਅਤੇ ਗੁਰੂ ਤੋਂ ਸਿੱਖਾਂ ਲਈ ਮਤਲਬ ਹੈ ਰੱਬੀ ਸੰਦੇਸ਼ ਜੋ ਸਿਰਫ ਦੱਸ ਗੁਰੂ ਸਹਿਬਾਨ ਰਾਹੀਂ ਗੁਰੂ ਗਰੰਥ ਸਾਹਿਬ ਵਿੱਚ ਅਮਰ ਹੈ। ਗੁਰੂ ਦਾ ਦੁਆਰ ਹਰ ਇਕ ਲਈ ਜੀ ਆਇਆਂ ਕਹਿੰਦਾ ਹੈ।
ਅੱਜਕਲ ਨਵੇਂ ਚਿਹਰੇ ਆਮ ਹਨ। ਹਰਦੀਪ ਆਹੂਜਾ, ਉਸ ਦੀ ਪਤਨੀ ਤੇ ਪੰਜ ਸਾਲਾ ਬੇਟੀ ਹੁਣ ਬਰੁਕ ਫੀਲਡ ਅਤੇ ਓਕ ਕਰੀਕ ਵਾਰੀ ਨਾਲ ਐਤਵਾਰ ਸਵੈ-ਪੜਚੋਲ ਤੋਂ ਬਾਅਦ ਆਉਂਣ ਲੱਗੇ ਹਨ।
“ਮੈਂ ਗੋਲੀਬਾਰੀ ਤੋਂ ਪਹਿਲਾਂ ਹਰ ਚੌਥੇ ਯਾਂ ਪੰਜਵੇਂ ਮਹੀਨੇ ਆਉਂਦਾ ਸੀ”, ਆਹੂਜਾ ਦੱਸਦਾ ਹੈ। “ਤੇ ਫਿਰ ਜਿਵੇਂ ਇਸ ਘਟਨਾ ਨੇ ਮੇਰੀ ਜਾਗ ਖੋਲ ਦਿੱਤੀ। ਪਹਿਲਾਂ ਮੈਂ ਸੋਚਦਾ ਸਾਂ ਧਰਮ ਸਾਰੇ ਬੁਰੇ ਨੇ, ਲੋਕਾਂ ਨੂੰ ਵੰਡਦੇ ਨੇ। ਜਦੋਂ ਮੈਂ ਖਬਰਾਂ ਤੇ ਆਸ ਪਾਸ ਦੀ ਦੁਨੀਆਂ ਬਾਰੇ ਦੇਖਦਾ ਹਾਂ ਕਿ ਕਿੰਨੀਆਂ ਲੜਾਈਆਂ ਧਰਮ ਤੇ ਰੱਬ ਦੇ ਨਾਂ ਤੇ ਲੜੀਆਂ ਜਾ ਰਹੀਆਂ ਨੇ , ਮੈਂ ਇਸਦਾ ਹਿੱਸੇਦਾਰ ਨਹੀਂ ਬਣਨਾ ਚਾਹੁੰਦਾ।”
ਫਿਰ ਇਕ ਐਤਵਾਰ ਦੀ ਸਵੇਰ ਉਸ ਦਾ ਫੋਨ ਇਕ ਘੰਟੇ ਵਿੱਚ ਚਾਰ ਪੰਜ ਵਾਰ ਵੱਜਿਆ। “ਜਲਦੀ।” “ਮੈਨੂੰ ਹੁਣੇ ਵਾਪਸ ਕਾਲ ਕਰ”, ਟੈਕਸਟ ਮੈਸਿਜ ਸੀ। ਕੁਝ ਤਾਂ ਠੀਕ ਨਹੀਂ ਸੀ।
“ਸੱਚ ਦੱਸਾਂ ਤਾਂ ਮੈਂ ਗੁੱਮ ਹੋ ਗਿਆ ਸੀ। ਮੈਨੂੰ ਪਤਾ ਨਹੀਂ ਸੀ ਲਗ ਰਿਹਾ ਕਿ ਕੀ ਕਰਾਂ। ਮੈਨੂੰ ਬਸ ਇਹ ਪਤਾ ਸੀ ਕਿ ਮੈਂ ਗੁਰਦੁਆਰੇ ਜਾਣਾ ਹੈ।” ਕਹਿੰਦਿਆਂ ਉਸਦੀ ਇਕ ਬਾਂਹ ਜਸਲੀਨ ਦੁਆਲੇ ਹੈ, ਜੋ ਆਪਣੇ ਪਿਤਾ ਦੀ ਗੋਦ ਵਿੱਚ ਕੁੱਦ ਰਹੀ ਹੈ।
ਪਰ ਸੜਕਾਂ ਸਭ ਰੋਕ ਦਿੱਤੀਆਂ ਗਈਆਂ ਸਨ। ਇਸ ਕਰਕੇ ਪਰਿਵਾਰ ਨੂੰ ਘਰੇ ਰਹਿਣਾ ਪਿਆ। ਉਹਨਾਂ ਰਿਸ਼ਤੇਦਾਰਾਂ ਤੇ ਆਪਣੇ ਪਿਤਾ, ਜੋ ਕਿ ਗੁਰਦੁਆਰੇ ਅਾਮ ਦਿਸਦੇ ਸਨ, ਨੂੰ ਕਾਲਾਂ ਕੀਤੀਆਂ। ਜੋ ਸਲਾਹ ਆਹੂਜਾ ਨੂੰ ਮਿਲੀ ਉਹ ਹੈਰਾਨੀਜਨਕ ਸੀ। ਗੋਲੀਬਾਰੀ ਕਰਨ ਵਾਲੇ ਲਈ ਵੀ ਅਰਦਾਸ ਕਰੋ। ਧਰਮ ਸਿਖਾਉਂਦਾ ਹੈ ਰੱਬ ਸਭ ਵਿੱਚ ਹੈ।
ਇਸ ਤਰਾਂ ਦੀ ਗੱਲਬਾਤ ਤੇ ਆਪਣੀ ਕੌਮ ਨੂੰ ਖਬਰਾਂ ਵਿੱਚ ਇਸ ਤਰਾਂ ਦੇਖਣਾ ਉਸ ਲਈ ਇਕ ਜ਼ਿੰਦਗੀ ਬਦਲਣ ਵਾਲਾ ਪਲ ਸੀ। ਹੁਣ ਉਹ ਆਪਣੇ ਸਹਿਕਰਮੀਆਂ ਪ੍ਰਤੀ ਜ਼ਿਆਦਾ ਸਹਿਣਸ਼ੀਲ ਹੋਇਆ ਹੈ, ਤੇ ਉਸ ਦੇ ਜਸਲੀਨ ਦੇ ਪਾਲਣ ਪੋਸ਼ਣ ਵਿੱਚ ਫਰਕ ਆਇਆ ਹੈ।
ਬੱਚੇ ਤੇ ਹੋਰ ਲੋਕ “ ਉਹ ਨਹੀਂ ਕਰਦੇ ਜੋ ਤੁਸੀਂ ਕਹਿੰਦੇ ਹੋ, ਉਹ ਉਹੀ ਕਰਦੇ ਹਨ ਜੋ ਦੇਖਦੇ ਹਨ। ਮੈਨੂੰ ਇਹ ਸਮਝ ਆਈ ਕੇ ਜੇ ਮੈਂ ਚਾਹੁੰਦਾ ਹਾਂ ਕੇ ਮੇਰੀ ਬੇਟੀ ਵਧੀਆ ਰਹੇ ਤੇ ਮੈਨੂੰ ਵਧੀਆ ਹੋਣਾ ਪਵੇਗਾ । ਜੇ ਮੈਂ ਚਾਹੁੰਦਾ ਹਾਂ ਕਿ ਉਹ ਵਧੀਆ ਖਾਵੇ ਤਾਂ ਮੈਨੂੰ ਵਧੀਆ ਖਾਣਾ ਪਵੇਗਾ । ਜੇ ਉਹ ਸੇਵਾ ਕਰੇ ਤਾਂ ਮੈਨੂੰ ਸੇਵਾ ਕਰਨੀ ਪਵੇਗੀ। ਇਸ ਨੇ ਮੈਨੂੰ ਗੱਲਾਂ ਘੱਟ ਤੇ ਕੰਮ ਵੱਧ ਕਰਨ ਵਾਲ ਤੋਰਿਆ ਹੈ।” ਉਹ ਕਹਿੰਦਾ ਹੈ।
ਹੁਣ ਜਸਲੀਨ ਉਸ ਨਾਲ ਵੀਰਵਾਰ ਨੂੰ ਝਾੜੂ ਲਾਉਣ ਦੀ ਸੇਵਾ ਕਰਦੀ ਹੈ ਅਤੇ ਉਹ ਬਰੁੱਕ ਫੀਲਡ ਤੇ ਓਕ ਕ੍ਰੀਕ ਗੁਰਦੁਆਰੇ ਵਾਰੀ ਨਾਲ ਹਰ ਐਤਵਾਰ ਆਉਂਦੇ ਹਨ। ਉਸ ਦੀ ਘਰ ਵਾਲੀ ਵੀ ਹੁਣ ਬਰੁੱਕ ਫੀਲਡ ਗੁਰਦੁਆਰੇ, ਜੋ ਘਰ ਦੇ ਕੋਲ ਹੈ, ਵਿਚ ਸੇਵਾ ਕਰਦੀ ਹੈ।
ਤੁਸੀਂ ਜੋ ਜਾਂਣਦੇ ਹੋ ਉਸ ਤੋਂ ਨਫਰਤ ਨਹੀਂ ਕਰ ਸਕਦੇ
ਇਹ ਸੇਵਾ ਭਾਵ ਦੀ ਵਾਪਸੀ ਲੋਕਾਂ, ਪਰਿਵਾਰਾਂ ਅਤੇ ਵਿਸਕੋਨਸਿਨ ਗੁਰਦੁਆਰੇ ਦੀਆਂ ਕੰਧਾਂ ਵਿਚ ਸੀਮਿਤ ਨਹੀਂ ਰਹੀ । ਜਵਾਨ ਮੈਂਬਰਾਂ ਦੇ ਇਕ ਜਥੇ ਸਰਵ ਟੂ ਯੁਨਾਇਟ (ਸੇਵਾ ਲਈ ਇਕੱਠੇ ) ਨਾਂ ਦੀ ਸੰਸਥਾ ਸ਼ੁਰੂ ਕੀਤੀ ਹੈ ਜੋ ਵੱਡੇ ਸਮਾਜ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੀ ਹੈ ।
“ਮੈਨੂੰ ਲਗਦਾ ਹੈ ਕੇ ਸਾਡੀ ਆਵਾਜ਼ ਹੈ ਤੇ ਮੈਨੂੰ ਲਗਦਾ ਹੈ ਕਿ ਬੱਚੇ, ਵੱਡੇ ਸੱਭ ਇਹ ਮਹਿਸੂਸ ਕਰਦੇ ਹਨ”, ਪਰਦੀਪ ਕਾਲੇਕਾ, ਜਿਸਦੇ ਪਿਤਾ ਗੁਰਦੁਆਰੇ ਦੇ ਪਰਧਾਨ ਸਨ, ਕਹਿੰਦਾ ਹੈ। “ਪਹਿਲਾਂ ਜਿਆਦਾ ਲੋਕ ਸਿਰਫ ਆਪਣੇ ਸਿਰਫ ਕੰਮਾਂ ਕਾਰਣ ਵਿਚ ਖੁਭੇ ਸਨ। ਘਰ ਤੋਂ ਕੰਮ ਤੇ ਕੰਮ ਤੋਂ ਘਰ। ਮੈਨੂੰ ਲਗਦਾ ਹੈ ਕਿ ਹੁਣ ਸਿਖ ਕੌਮ ਨੂੰ ਲੱਗਣ ਲੱਗ ਪਿਆ ਹੈ ਕਿ ਉਹ ਅਮਰੀਕੀ ਸਮਾਜ ਦਾ ਹਿੱਸਾ ਹਨ, ਇਸ ਲਈ ਉਹ ਹੁਣ ਜਿਆਦਾ ਕੁਝ ਕਰਦੇ ਹਨ । ਅਸੀਂ ਰਾਜਨੀਤੀ ਦਾ ਹਿੱਸਾ ਬਣਨਾ ਚਾਹੁੰਦੇ ਹਾਂ । ਅਸੀਂ ਅਮਰੀਕਾ ਨੂੰ ਸੁਰਖਿਅਤ ਵੇਖਣ ਵਿਚ ਸ਼ਾਮਿਲ ਹੋਣਾਂ ਚਾਹੁੰਦੇ ਹਾਂ।”
ਗੋਲੀਬਾਰੀ ਤੋਂ ਬਾਅਦ ਗੁਰਦੁਆਰੇ ਤੋਂ ਬਾਹਰ ਦੇ ਲੋਕ – ਕਾਰੋਬਾਰੀ , ਰਾਜਨੇਤਾ ਤੇ ਓਕ ਕਰੀਕ, ਗ੍ਰੇਟ ਵਿਸਕੋਨਸਿਨ, ਦੇਸ਼ ਦੇ ਤੇ ਹੋਰ ਦੇਸ਼ ਦੇ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਹੈ । ਸਮਾਜਿਕ ਸਹਾਰੇ ਦੇ ਸੰਦੇਸ਼ ਨਾਲ ਗੁਰਦੁਆਰੇ ਦੀਆਂ ਕੰਧਾਂ ਭਰੀਆਂ ਹੋਈਆਂ ਹਨ । ਜਿਹੜੇ ਹਾਲ ਵਿਚ ਸੰਗਤਾਂ ਲੰਗਰ ਸ਼ਕਦੀਆਂ ਹਨ, ਉਥੇ ਕੰਧ ਉੱਤੇ ਪੰਜ ਫੁੱਟ ਲੰਬੇ ਲੈਮੀਨੇਟ ਕੀਤੇ ਰੰਗ ਬਿਰੰਗੇ ਪੋਸਟਰ ਹਨ, ਜੋ ਹੱਥ ਲਿਖਤ ਸ਼ੋਕ ਸੰਦੇਸ਼ਾਂ ਨਾਲ ਭਰੇ ਹਨ । ਸੁਨਿਹਰੀ ਮੰਦਿਰ (ਹਰਮੰਦਿਰ ਸਾਹਿਬ) ਦੀਆਂ ਵੱਡੀਆਂ ਫੋਟੋਆਂ ਹੇਠਾਂ ਇਹ ਪੱਟੀ ਸਿਖਾਂ ਦੇ ਸਰਬੋਤਮ ਧਾਰਮਿਕ ਸਥਾਨ ਤੇ ਲਗਾਤਾਰ ਚਲਦੀ ਸਿੱਖੀ ਵਿਸ਼ਵਾਸ ਦੀਆਂ ਅਨੇਕਾਂ ਕਹਾਣੀਆਂ ਕਹਿੰਦੀ ਲਗਦੀ ਹੈ ।
ਅਤੇ ਹੁਣ ਸਰਵ ਟੂ ਯੂਨਾਇਟ ਦੇ ਰਾਹੀਂ ਜਵਾਨ ਧਾਰਮਿਕ ਅਤੇ ਧਰਮ-ਨਿਰਪੇਖ ਜਮਾਤਾਂ ਨਾਲ ਸਾਂਝ ਤੇ ਸਮਝਦਾਰੀ ਵਧਾ ਰਹੀ ਹੈ । ਗੁਰਦੁਆਰੇ ਦੀ “ਤਾਲਮੇਲ” ਵਿਭਾਗ ਹੇਠਾਂ ਸਰਵ ਟੂ ਯੂਨਾਇਟ ਕੋਲੇ ਰਜਾਕਾਰਾਂ (ਵੋਲੰਟੀਅਰਾਂ) ਦਾ ੧੦ ਮੈਂਬਰੀ ੧੮-੩੫ ਸਾਲ ਦਾ ਜਥਾ ਹੈ। ਇਹ ਵਿਭਾਗ ਹਥਿਆਰਾਂ ਤੇ ਪਾਬੰਦੀ ਜਿਹੇ ਕਾਨੂੰਨਾਂ ਵਿਚ ਫਰਕ ਲਿਉਣ ਅਤੇ ਨਫਰਤ ਵਿਰੋਧੀ ਪ੍ਰੋਗ੍ਰਾਮ ਨੂੰ ਸਿੱਖਿਆ ਰਾਹੀਂ ਵਧਾਉਣ ਵਿਚ ਕੰਮ ਕਰ ਰਿਹਾ ਹੈ ।
“ਇਹ ਬਿਲਕੁਲ ਤਾਲਮੇਲ ਦੇ ਹੰਭਲੇ ਵੱਲ ਨੂੰ ਹੋ ਰਿਹਾ ਹੈ।” ਪਰਦੀਪ ਕਾਲੇਕਾ ਕਹਿੰਦਾ ਹੈ, “ਕਿਸੇ ਨੇ ਮੈਨੂੰ ਕੁਝ ਚਿਰਾਂ ਪਹਿਲਾਂ ਕਿਹਾ ਸੀ ਕਿ ਜੋ ਤੁਸੀਂ ਜਾਣਦੇ ਹੋ, ਉਸ ਨੂੰ ਨਫਰਤ ਨਹੀਂ ਕਰ ਸਕਦੇ । ਮੈਂ ਸੋਚਦਾ ਹਾਂ ਅਸੀਂ ਆਪਣੀ ਜਿੰਦਗੀ ਵਿਚ ਏਨੇ ਮਸਰੂਫ ਹੋ ਜਾਂਦੇ ਹਾਂ ਕਿ ਦੂਜਿਆਂ ਤਕ ਪਹੁੰਚ ਕੇ ਮਦਦ ਨਹੀਂ ਕਰ ਪਾਉਂਦੇ। ਸੋ ਮੇਰਾ ਇਹ ਮਿਸ਼ਨ ਬਣ ਗਿਆ ਹੈ ਕੇ ਮੈਂ ਅੱਗੇ ਵਧਾਂ ਤੇ ਦੱਸਾਂ ਕਿ ਅਸੀਂ ਕੌਣ ਹਾਂ ਤੇ ਕਿਸ ਗੱਲ ਉੱਤੇ ਡੱਟੇ ਹੋਏ ਹਾਂ, ਨਾਂ ਸਿਰਫ ਕਿ ਅਸੀਂ ਕਿਵੇਂ ਦਿਸਦੇ ਹਾਂ।”
ਕੰਵਰਦੀਪ “ਗੁੱਗੀ” ਸਿੰਘ ਕਾਲੇਕਾ ਨੇ , ਜੋ ਕੇ ਗੁਰਦੁਆਰੇ ਦੇ ਸਕੂਲ ਤੇ ਸਰਵ ਟੂ ਯੂਨਾਇਟ ਦੇ ਮੈਂਬਰ ਵੀ ਹਨ, ਗੁਰਦੁਆਰੇ ਦੇ ਜੁਆਨ ਮੈਂਬਰਾਂ ਦੀ ਸਲਾਹ ਹੈ ਕਿ ਉਹ ਮਸਜਿਦਾਂ, ਯਹੂਦੀ ਗਿਰਜਾ ਘਰਾਂ, ਚਰਚਾਂ, ਸਮਲਿੰਗੀ ਸਮਾਜਾਂ ਤੇ ਹੋਰ ਮੈਂਬਰਾਂ ਨੂੰ ਇਕਠਾ ਕਰਕੇ ਆਪਸ ਵਿਚ ਗੱਠਜੋਢ਼ ਬਣਾ ਕੇ ਸਮਾਜ ਨੂੰ ਚੰਗਾ ਬਣਾਉਣ ਦੇ ਇਕਿਹਰੇ ਕੰਮ ਲਈ ਹੰਭਲਾ ਮਾਰਨ।
ਗੋਲੀਚਾਲਾਕ ਆਪ ਨਰਕ ਵਿਚ ਜਿਓ ਰਿਹਾ ਸੀ
ਇਸ ਅਨਹੋਣੀ ਦਾ ਕਾਰਨ ਜਾਨਣ ਲਈ ਪਰਦੀਪ ਕਾਲੇਕਾ ਨੂੰ ਆਪਣੀਆਂ ਸ਼ੰਕਾਵਾ ਤੇ ਭਰਮਾਂ ਚੋਂ ਪਾਰ ਦੇਖਣਾ ਪਿਆ। ਅਕਤੂਬਰ ੨੨ ਨੂੰ ਉਹ ਮਿਲਵਾਕੀ ਦੇ ਪੂਰਬੀ ਹਿੱਸੇ ਵਿਚ ਇਕ ਥਾਈ ਢਾਬੇ ਵਿਚ ਇਕ ਅਜੇਹੇ ਬੰਦੇ ਸਾਹਮਣੇ ਬੈਠਾ ਸੀ ਜੋ ਸ਼ਾਇਦ ਵੇਡ ਮਾਇਕਲ ਪੇਜ ਬਾਰੇ ਕੁੱਝ ਦੱਸ ਸਕੇ, ਕਿ ਕਿਸ ਗੱਲ ਨੇ ਉਸ ਨੂੰ ਹਮਲਾ ਕਰਨ ਤੇ ਮਾਰਨ ਲਈ ਪ੍ਰੇਰਿਤ ਕੀਤਾ। ਇਹ ਸੀ ਆਰਨੋ ਮਾਈਕੈਲਿਸ ਜੋ ਕਿ ਇਕ ਕੁੱਝ ਸਮਾਂ ਪਹਿਲਾਂ ਤੱਕ ਇਕ ਨਸਲਵਾਦੀ ਗੋਰਾ ਸੀ।
ਮਾਈਕੈਲਿਸ ਹੁਣ ਇਕ ਨਫਰਤ ਵਿਰੋਧੀ ਸੰਸਥਾ ਲਾਈਫ ਆਫਟਰ ਹੇਟ (ਨਫਰਤ ਤੋਂ ਬਾਅਦ ਜਿੰਦਗੀ) ਚਲਾਉਂਦਾ ਹੈ । ਇਸ ਸੰਸਥਾ ਵਿਚ ਪੂਰਵ -ਨਸਲਵਾਦੀ ਤੇ ਹਿੰਸਾ ਤੋਂ ਪੀੜਿਤ ਲੋਕ ਹਨ। ਤੇ ਹੁਣ ਇਕ ਦੂਜੇ ਨਾਲ ਪਿਆਰ, ਮਾਫ਼ੀ ਤੇ ਦਯਾ ਨੂੰ ਵਧਾਵਾ ਦਿੰਦੇ ਹਨ।
ਮਸਾਲੇਦਾਰ ਖਾਣੇ ਤੇ ਤਿੰਨ ਘੰਟਿਆਂ ਵਿਚ ਮਾਈਕੈਲਿਸ ਨੇ ਪਰਦੀਪ ਕਾਲੇਕਾ ਨੂੰ, ਜਿਸ ਨੂੰ ਉਹ “ਪਾਰ” ਬੁਲਾਉਂਦਾ ਹੈ, ਦੇ ਉਸ ਪ੍ਰਸ਼ਨ ਦਾ ਉੱਤਰ ਦਿੱਤਾ ਜੋ ਕੇ ਸਾਰੀਆਂ ਦੇ ਮਨਾਂ ਤੇ ਹੈ : ਕਿਉਂ ?
“ਮੈਨੂੰ ਇਸ ਇਨਸਾਨ (ਪੇਜ) ਉੱਤੇ ਸੁਭਾਵਿਕ ਹੀ ਬਹੁਤ ਗੁੱਸਾ ਆਉਂਦਾ ਸੀ”, ਪਰਦੀਪ ਕਾਲੇਕਾ ਦਸਦਾ ਹੈ, “ਪਰ ਆਰਨੋ ਨਾਲ ਗੱਲ ਕਰਨ ਤੋਂ ਬਾਅਦ ਮੈਂ ਲਗਭੱਗ ਇਸ ਵਿਅਕਤੀ(ਪੇਜ) ਨੂੰ ਜਿਵੇਂ ਦੇਖ ਸਕਦਾ ਹਾਂ ਤੇ ਉਸ ਲਈ ਦੁੱਖ ਮਹਿਸੂਸ ਕਰਦਾ ਹਾਂ। ਜਿਵੇਂ ਕਿ ਤੁਸੀਂ ਉਸ ਤੇ ਤਰਸ ਕਰ ਰਹੇ ਹੋਵੋਂ। ਗੋਲੀਚਾਲਾਕ ਆਪਣੇ ਜਿੰਦਾ ਨਰਕ ਵਿਚ ਜੀ ਰਿਹਾ ਸੀ।”
ਮਾਈਕੈਲਿਸ ਇੱਕ ਛਿਨ ਵੀ ਝਿਜਕ ਤੋਂ ਬਿਨਾਂ ਦੱਸਦਾ ਹੈ ਕਿ ਇਕ ਗੋਰੇ ਨਸਲਵਾਦੀ ਅੰਦੋਲਨ ਬਨਾਉਣ ਵਿੱਚ ਉਸਦਾ ਕਿ ਰੋਲ ਸੀ ਤੇ ਉਸ ਦੁਨਿਆਂ ਵਿੱਚ ਜੀਣਾ ਕਿਹੋ ਜਿਹਾ ਹੈ। ਜਦ ਪਰਦੀਪ ਕਾਲੇਕਾ ਨੇ ਉਸ ਨੂੰ ਉੱਤਰ ਪੁੱਛਿਆ, ਉਸ ਪਲ ਮਾਈਕੈਲਿਸ ਨੇ ਕਿਹਾ ਕਿ ਇਸ ਭੈੜ੍ਹੀ ਘਟਨਾ ਨੂੰ ਸਮਝਾਉਣ ਦਾ ਮੌਕਾ ਦੇਣਾ ਉਸ ਲਈ ਬਢ਼ੇ ਸਤਿਕਾਰ ਵਾਲੀ ਗੱਲ ਸੀ।
“ਦਰਅਸਲ (ਇਕ ਗੋਰਾ ਨਸਲਵਾਦੀ) ਡਰ ਦੇ ਹਲਾਤ ਵਿਚ ਵਿਚਰਦਾ ਹੈ ” ਮਾਈਕੈਲਿਸ ਕਹਿੰਦਾ ਹੈ। “ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ , ਦਿਨ ਦੇ ਹਰ ਇਕ ਜਾਗਦੇ ਪਲ ਤੁਸੀਂ ਡਰ ਵਿਚ ਜਿਉਂਦੇ ਹੋ ਕਿਉਂਕਿ ਹਰ ਇੱਕ ਵਿਅਕਤੀ ਜੋ ਗੋਰਾ ਨਹੀਂਂ ਹੈ, ਤੁਹਾਡੇ ਲਈ ਇਕ ਦੁਸ਼ਮਨ ਹੈ। ਉਹ ਉਥੇ ਤੁਹਾਨੂੰ ਮਾਰਣ ਨੂੰ ਹੈ । ਉਹ ਉਥੇ ਗੋਰੇ ਲੋਕਾਂ ਨੂੰ ਖਤਮ ਕਰਨ ਲਈ ਹਨ। ਅਤੇ ਹਰ ਇਕ ਗੋਰਾ ਜੋ ਤੁਹਾਡੇ ਵਾਂਗ ਨਸਲਵਾਦੀ ਨਹੀਂ ਹੈ , ਤੁਹਾਨੂੰ ਗੱਦਾਰ ਲਗਦਾ ਹੈ “। ਮਾਈਕੈਲਿਸ ਦਸਦਾ ਹੈ, ਕਿ ਪੇਜ ਇਕ ਦਹਾਕਾ ਪਹਿਲਾਂ ਤੋਂ ਨਫਰਤ ਤੇ ਹਿੰਸਾ ਪਾਲ ਰਿਹਾ ਸੀ । ਇਹ ਉਹ ਜ਼ਿੰਦਗੀ ਹੈ ਜਿਥੇ ਹਰ ਘੜੀ ਪਿਆਰ ਅਤੇ ਖੁਸ਼ੀ, ਨਫਰਤ ਅਤੇ ਅਗਿਆਨਤਾ ਸਾਹਮਣੇ ਉੱਡ ਜਾਂਦੀ ਹੈ।
ਇਸ ਵਿਆਖਿਆ ਨੇ ਪਰਦੀਪ ਕਾਲੇਕਾ ਨੂੰ ਸਮਝਣ ਤੇ ਅੱਗੇ ਵਧਣ ਵਿਚ ਸਹਾਇਤਾ ਕੀਤੀ। ਭਾਵੇਂ ਇਹ ਸਾਫ਼ ਹੈ, ਇਹ ਪੇਜ ਦੇ ਕੰਮਾਂ ਦਾ ਸਪਸ਼ਟੀਕਰਣ ਨਹੀਂ ਹੈ। ਪੇਜ ਦੀ ਦੁਨਿਆ ਉਸ ਦੀ ਆਪਣੀ ਕੈਦ ਸੀ। ਇਹ ਦਸਦਿਆਂ ਪਰਦੀਪ ਕਾਲੇਕਾ ਸ਼ਾਇਦ ਉਸ ਬੰਦੇ ਉੱਤੇ ਤਰਸ ਕਰਦਾ ਹੈ, ਜਿਸ ਨੇ ਉਸਦੇ ਬਾਪ ਤੇ ਕੌਮ ਦੇ ਲੋਕਾਂ ਨੂੰ ਮਾਰਿਆ।
ਹੁਣ ਪਰਦੀਪ ਕਾਲੇਕਾ ਤੇ ਮਾਈਕੈਲਿਸ ਇਕਠੇ ਹੋ ਕੇ ਨਫਰਤ ਵਿਰੋਧੀ ਸੰਦੇਸ਼ ਨੂੰ ਇਲਾਕੇ ਦੇ ਸਕੂਲਾਂ ਤਾਈਂ ਪਹੁੰਚਾ ਰਹੇ ਨੇ। ਪਰਦੀਪ ਕਾਲੇਕਾ ਜੋ ਕਿ ਆਪ ਸਮਾਜਿਕ ਸਿਖਿਆ ਦਾ ਅਧਿਆਪਕ ਹੈ , ਕਹਿੰਦਾ ਹੈ ਕੇ ਉਸ ਦੇ ਵਿਦਿਆਰਥੀ ਦਿਆਲਤਾ ਨੂੰ ਕਮਜੋਰੀ ਦੀ ਨਿਸ਼ਾਨੀ ਗਿਣਦੇ ਹਨ । ਉਹਨਾਂ ਦੀ ਸਲਾਹ ਪਹਿਲਾਂ ਕੁਦਾਹੇ ਹਾਈ ਸਕੂਲ ਵਿਚ ਬੁਲਿੰਗ ਉੱਤੇ ਬੋਲਣ ਦੀ ਹੈ। ਪ੍ਰਿੰਸੀਪਲ ਕ੍ਰਿਸ੍ਟੋਫ਼ਰ ਹੈਗਰ ਕਹਿੰਦਾ ਹੈ, ਕਿ ਉਹ ਉਮੀਦ ਕਰਦਾ ਹੈ ਕਿ ਇਸ ਭਾਸ਼ਨ ਵਿਦਿਆਰਥੀਆਂ ਨੂੰ ਇਹ ਸਮਝਾਵਣ ਵਿਚ ਮਦਦ ਕਰੇਗਾ ਕਿ ਨਫਰਤ ਦੀ ਵਿਸ਼ਾਲਤਾ ਗੁਰਦੁਆਰੇ ਦੀ ਦੁੱਖਭਰੀ ਗੋਲਾਬਾਰੀ ਤੋਂ ਲੈ ਕੇ ਵਿਦਿਆਰਥੀਆਂ ਵਿਚਲੀ ਬੁਲਿੰਗ ਤਕ ਫੈਲੀ ਹੋਈ ਹੈ।
ਪਰ ਜਦੋਂ ਮਾਈਕੈਲਿਸ ਸਕੂਲ ਵਿਚ ਬੋਲਦਾ ਹੈ ਤਾਂ ਉਸ ਦਾ ਭਾਸ਼ਨ ਬੁਲਿੰਗ ਤੇ ਹਿੰਸਾ ਦੇ ਬੁਰੇ ਪ੍ਰਭਾਵ ਦੀ ਬਜਾਏ ਉਦਾਰਤਾ, ਦਿਆ ਤੇ ਮਾਫ਼ ਕਰਨ ਉੱਤੇ ਕੇਂਦ੍ਰਿਤ ਹੈ ।
ਸੰਦੇਸ਼ : ਉਹੀ ਦਯਾ ਦੇ ਛੋਟੇ ਛੋਟੇ ਉਧਾਹਰਣ ਜਿੰਨਾਂ ਨੇ ਮਿਚਾਲਿਸ ਦਾ ਗੋਰੇ ਨਸਲਵਾਦੀ ਸੰਗਠਨ ਵਿਚ ਰਹਿਣਾ ਮੁਸ਼ਕਿਲ ਕਰ ਦਿੱਤਾ, ਉਹੀ ਹੋਰਾਂ ਦੀ ਜਿੰਦਗੀ ਵੀ ਬਦਲ ਸਕਦੇ ਨੇ ।
ਪਰਦੀਪ ਕਲੇਕਾ ਦਾ ਵੀ ਇਹੀ ਸੰਦੇਸ਼ ਹੈ ।
“ਬਾਵਜੂਦ ਇਸ ਗੱਲ ਦੇ ਕੇ ਤੁਸੀਂ ਜ਼ਿੰਦਗੀ ਵਿਚ ਕਿੱਥੇ ਹੋ, ਬਦਲਾਵ ਆ ਸਕਦਾ ਹੈ ।”